ਮਲਕੀਤ ਸਿੰਘ
ਮੁੱਲਾਂਪੁਰ ਦਾਖਾ
ਥਾਣਾ ਦਾਖਾ ਮੁਖੀ ਗੁਰਪ੍ਰੀਤ ਸਿੰਘ ਸਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਅੰਦਰ ਚੋਰੀਆਂ ਕਰਕੇ ਦਹਿਸ਼ਤ ਫੈਲਾਉਣ ਵਾਲੇ ਗਿਰੋਹ ‘ਚੋਂ 2 ਨੌਜਵਾਨ ਥਾਣਾ ਦਾਖਾ ਦੀ ਪੁਲਿਸ ਦੇ ਸਿਕੰਜ਼ੇ ਵਿੱਚ ਆਏ ਹਨ ਅਤੇ ਬਾਕੀਆ ਦੀ ਭਾਲ ਜਾਰੀ ਹੈ। ਫੜੇ ਗਏ ਕਥਿਤ ਦੋਸ਼ੀਆ ਕੋਲੋਂ ਭਾਰੀ ਘਰੇਲੂ ਸਮਾਨ ਬਰਾਮਦ ਹੋਇਆ ਹੈ, ਜਿਸ ਵਿੱਚ ਇੱਕ ਮੋਟਰਸਾਇਕਲ ਹੀਰੋਂ ਹਾਂਡਾ (ਬਿਨਾਂ ਨੰਬਰੀ), 12 ਰਸੋਈ ਗੈਸ ਸਿਲੰਡਰ, ਇੱਕ ਐਲ. ਈ. ਡੀ, 1 ਸਬਮਰਸੀਬਲ ਮੋਟਰ, ਇਨਵਰਟਰ, ਬੈਟਰਾਂ ਅਤੇ 24 ਬੋਤਲਾਂ ਰਿਫਾਇੰਡ ਆਇਲ ਸ਼ਾਮਲ ਹਨ। ਬਾਕੀ ਕਥਿਤ ਦੋਸ਼ੀਆਂ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਨ੍ਹਾਂ ਇਲਾਕੇ ਵਿੱਚ 2 ਮੋਬਾਇਲ , 2 ਜੈਂਟਸ ਪਰਸ ਖੋਹੇ ਸਨ ਜਿਨ੍ਹਾਂ ‘ਚੋਂ 1500 ਅਤੇ 4 ਹਜ਼ਾਰ ਰੁਪਏ ਨਿਕਲੇ ਸਨ।
ਕੇਸ ਦੀ ਪੜਤਾਲ ਕਰ ਰਹੇ ਐਸ.ਆਈ ਹੀਰਾ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਪੁਲਿਸ ਪਾਰਟੀ ਨਾਲ ਸਿੱਧਵਾ ਕੈਨਾਲ ਚੱਕ ਦੇ ਪੁਲ ਉੱਪਰ ਨਾਕਾ ਲਾਇਆ ਹੋਇਆ ਸੀ ਤਾਂ ਨਹਿਰ ਦੀ ਕੱਚੀ ਪਟੜੀ ਬਾਸੀਆ ਬੇਟ ਦੀ ਤਰਫੋਂ ਦੋ ਨੌਜਵਾਨ ਮੋਟਰਸਾਇਕਲ ‘ਤੇ ਆਉਂਦੇ ਦਿਖਾਈ ਦਿੱਤੇ ਜਦੋਂ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਸੰਦੀਪ ਕੁਮਾਰ ਦੀ ਜੇਬ ‘ਚੋਂ 135 ਗਰਾਮ ਅਤੇ ਕ੍ਰਿਸ਼ਨਪਾਲ ਦੀ ਜੇਬ ‘ਚੋਂ 115 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਅਤੇ ਪੁੱਛ ਪੜਤਾਲ ਦੌਰਾਨ ਉਕਤ ਨੇ ਮੰਨਿਆ ਕਿ ਸਥਾਨਕ ਕਸਬੇ ਅਤੇ ਨੇੜਲੇ ਪਿੰਡਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ‘ਚੋਂ ਸਿਲੰਡਰ, ਕਣਕ, ਚੌਲ ਅਤੇ ਬਰਤਨ ਵੀ ਚੋਰੀ ਕੀਤੇ ਹਨ। ਥਾਣਾ ਦਾਖਾ ਦੀ ਪੁਲਿਸ ਨੇ ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਦੋ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।