ਖੁਦ ਹੀ ਮਜ਼ਾਕ ਬਣ ਰਹੇ ਹਨ ਫੂਲਕਾ: ਸਾਂਪਲਾ

ਸੱਚ ਕਹੂੰ ਨਿਊਜ਼
ਚੰਡੀਗੜ੍ਹ, 
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਵੱਲੋਂ ਈਵੀਐਮ ਦੀ ਭਰੋਸੇਯੋਗਤਾ ‘ਤੇ ਸੁਆਲ ਖੜ੍ਹੇ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ 100 ਤੋਂ ਜ਼ਿਆਦਾ ਸੀਟਾਂ ਆਪਣੀ ਝੋਲੀ ਵਿੱਚ ਆਉਣ ਦਾ ਸੁਫਣਾ ਦੇਖ ਰਹੀ ਸੀ, ਪਰ ਜਦੋਂ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਸਿਰਫ਼ 20 ਸੀਟਾਂ ਤੱਕ ਹੀ ਸਮੇਟ ਦਿੱਤਾ, ਤਾਂ ਬੌਖਲਾਈ ਆਮ ਆਦਮੀ ਪਾਰਟੀ ਈ.ਵੀ.ਐਮ. ਨੂੰ ਕੋਸਣ ਵਿੱਚ ਜੁੱਟ ਗਈ ਹੈ।
ਸਾਂਪਲਾ ਨੇ ਪੰਜਾਬ ਵਿੱਚ ਆਪ ਦੀ ਵਾਗਡੋਰ ਸੰਭਾਲ ਰਹੇ ਐਸ.ਐਚ. ਫੂਲਕਾ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਫੂਲਕਾ ਨੇ ਦੋਸ਼ ਲਗਾਇਆ ਹੈ ਕਿ ਚੋਣ ਕਮੀਸ਼ਨ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਉਸ ਸ਼ਿਕਾਇਤ ‘ਤੇ ਜ਼ਰਾ ਵੀ ਧਿਆਨ ਨਹੀਂ ਦਿੱਤਾ, ਜਿਸ ਵਿੱਚ ਕੇਜਰੀਵਾਲ ਨੇ ਈ.ਵੀ.ਐਮ. ਦੇ ਨਾਲ ਛੇੜਛਾੜ ਦਾ ਦੋਸ਼ ਲਗਾਇਆ ਸੀ। ਅਜਿਹਾ ਕਹਿਕੇ ਤਾਂ ਫੂਲਕਾ ਆਪਣਾ ਹੀ ਮਜ਼ਾਕ ਬਣਾ ਰਹੇ ਹਨ। ਇੱਕ ਪ੍ਰਸਿੱਧ ਵਕੀਲ ਹੋਣ ਦੇ ਨਾਤੇ ਫੂਲਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੋਣ ਕਾਨੂੰਨ, 1961 ਦੇ ਨਿਯਮ 93 ਦੇ ਤਹਿਤ ਇੱਕ ਵਾਰ ਜਦੋਂ ਚੋਣ ਨਤੀਜੇ ਆ ਜਾਂਦੇ ਹਨ, ਤਾਂ ਫਿਰ ਹਾਈਕੋਰਟ ਵਿੱਚ ਹੀ ਇਸਦੇ ਖਿਲਾਫ਼ ਚੁਣੌਤੀ ਦਿੱਤੀ ਜਾ ਸਕਦੀ ਹੈ। ਸਾਂਪਲਾ ਨੇ ਕਿਹਾ ਕਿ ਫੂਲਕਾ ਵੱਲੋਂ ਈਵੀਐਮ ‘ਤੇ ਸਵਾਲ ਖੜ੍ਹੇ ਕਰਨਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।