ਸੱਚ ਕਹੂੰ ਨਿਉਜ਼
ਚੰਡੀਗੜ੍ਹ, ਕੁਝ ਦਿਨਾਂ ਪਹਿਲਾਂ ਹੀ ਆਏ 12ਵੀਂ ਦੇ ਨਤੀਜਿਆਂ ਵਿੱਚ ਕੰਪਾਰਟਮੈਂਟ ਆਏ 63 ਹਜ਼ਾਰ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਡੀ ਰਾਹਤ ਦੇਣ ਜਾ ਰਹੀ ਹੈ ਤਾਂ ਕਿ ਉਨ੍ਹਾਂ ਦਾ ਇੱਕ ਸਾਲ ਬਚਾਇਆ ਜਾ ਸਕੇ ਅਤੇ ਇਹ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਬੀ.ਏ. ਵਿੱਚ ਸਮਾਂ ਰਹਿੰਦੇ ਹੋਏ ਦਾਖ਼ਲਾ ਲੈ ਸਕਣ। ਇਸ ਲਈ ਰੀ-ਅਪੀਅਰ ਦੀ ਪ੍ਰੀਖਿਆ 23 ਜੂਨ ਨੂੰ ਲੈਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 63 ਹਜ਼ਾਰ ਵਿਦਿਆਰਥੀ ਇੱਕ ਵਿਸ਼ੇ ਵਿੱਚ ਫੇਲ੍ਹ ਹੋਣ ਕਰਕੇ ਉਨ੍ਹਾਂ ਦੀ ਕੰਪਾਰਟਮੈਂਟ ਆਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਵੱਲੋਂ
ਅਗਲੀ ਜਮਾਤ ਵਿੱਚ ਦਾਖਲਾ ਲੈਣ, ਕੋਰਸਾਂ ਵਿੱਚ ਦਾਖਲਾ ਲੈਣ ਜਾਂ ਕਿਸੇ ਨੌਕਰੀ ਲਈ ਅਪਲਾਈ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਕੰਪਾਰਟਮੈਂਟ ਦੀ ਪ੍ਰੀਖਿਆ ਪਹਿਲਾਂ ਲੈਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਾਰਟਮੈਂਟ ਦੀ ਪ੍ਰੀਖਿਆ 23 ਜੂਨ ਨੂੰ ਹੋਵੇਗੀ ਅਤੇ ਇਸ ਦਾ ਨਤੀਜਾ 10 ਦਿਨਾਂ ਦੇ ਅੰਦਰ ਐਲਾਨਿਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਇਹ ਫੈਸਲਾ ਲਾਗੂ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਦਾਇਤਾਂ ਜਾਰੀ ਕਰ ਦਿੱਤਿਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਪੱਧਰ ‘ਤੇ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ਼ ਬਾਰ੍ਹਵੀਂ ਸਾਇੰਸ ਦੀ ਰੀ-ਅਪੀਅਰ ਪ੍ਰੀਖਿਆ ਜਲਦੀ ਲਈ ਜਾਂਦੀ ਸੀ ਅਤੇ ਇਸ ਵਾਰ ਬਾਰ੍ਹਵੀਂ ਦੇ ਸਾਰੇ ਸਟਰੀਮ ਦੀ ਰੀ-ਅਪੀਅਰ ਪ੍ਰੀਖਿਆ ਜਲਦੀ ਲੈਣ ਦਾ ਫੈਸਲਾ ਕੀਤਾ ਗਿਆ ਹੈ।