ਕੈਨੇਡਾ ਭੇਜਣ ਦਾ ਝਾਂਸਾ ਦੇਕੇ 1.20 ਲੱਖ ਠੱਗੇ, ਇੱਕ ਨਾਮਜ਼ਦ

ਲਖਵੀਰ ਸਿੰਘ
ਮੋਗਾ,
ਪਿੰਡ ਰਾਊਕੇ ਕਲਾਂ ਨਿਵਾਸੀ ਵਿਅਕਤੀ ਨੂੰ ਕੈਨੇਡਾ ਭੇਜਣ ਦਾ ਝਾਂਸਾਂ ਦੇਕੇ 1 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਕੇ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਰਾਊਕੇ ਕਲਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਉਸ ਨੇ ਕੈਨੇਡਾ ਜਾਣਾ ਸੀ ਤੇ ਉਸ ਦੀ ਗੱਲ ਗੁਰਪ੍ਰੀਤ ਸਿੰਘ ਵਾਸੀ ਗਲੀ ਨੰਬਰ 2 ਨਿਊ ਦਸਮੇਸ ਨਗਰ ਅੰਮ੍ਰਿਤਸਰ ਰੋਡ ਮੋਗਾ ਨਾਲ ਹੋਈ ਤੇ ਉਸ ਨੇ ਝਾਂਸੇ ਵਿੱਚ ਆ ਕੇ ਉਸ ਨੂੰ 1 ਲੱਖ 20 ਹਜ਼ਾਰ ਰੁਪਏ ਦੇ ਦਿੱਤੇ। ਪਰ ਕਾਫੀ ਸਮਾਂ ਬੀਤਣ ਉਪਰੰਤ ਨਾਂ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। ਇਸ ਤਰ੍ਹਾਂ ਉਸ ਨਾਲ 1 ਲੱਖ 20 ਹਜ਼ਾਰ ਦੀ ਠੱਗੀ ਮਾਰੀ ਹੈ। ਪੁਲਿਸ ਨੇ ਜਾਂਚ ਪੜਤਾਲ ਉਪਰੰਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ