ਕੰਮ ਕਰਦੇ ਸਮੇਂ ਕੰਬਾਇਨ ‘ਚ ਆਇਆ
ਮਨੋਜ
ਮਲੋਟ,
ਪਿੰਡ ਈਨਾਂ ਖੇੜਾ ਵਿਖੇ ਕੰਬਾਇਨ ‘ਤੇ ਕੰਮ ਕਰਦੇ 35 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜਖ਼ਮੀ ਹੋ ਗਿਆ ਜ਼ਖ਼ਮੀ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਥਾਣਾ ਸਦਰ ਦੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਕਣਕ ਕੱਟਣ ਲਈ ਆਈ ਹੋਈ ਕੰਬਾਇਨ ਮਸ਼ੀਨ ਨੂੰ ਡਰਾਈਵਰ ਸੁਖਦੇਵ ਸਿੰਘ (30) ਪੁੱਤਰ ਸਰਦਾਰਾ ਸਿੰਘ ਵਾਸੀ ਮੌਜਗੜ੍ਹ ਅੱਜ ਸਵੇਰੇ ਕਰੀਬ 10 ਵਜੇ ਕਣਕ ਕੱਟਣ ਤੋਂ ਬਾਅਦ ਵਾਪਸੀ ਲਈ ਮੋਟਰਸਾਈਕਲ ਕੰਬਾਇਨ ਨਾਲ ਬੰਨ੍ਹ ਰਿਹਾ ਸੀ ਇਸ ਦੌਰਾਨ ਕੰਬਾਇਨ ‘ਤੇ ਬੈਠੇ ਦਵਿੰਦਰ ਸਿੰਘ ਦਾ ਸਿਰ ਉਪਰੋਂ ਲੰਘਦੀਆਂ ਗਿਆਰਾਂ ਹਜ਼ਾਰ ਵੋਲਟੇਜ਼ ਦੀਆਂ ਤਾਰਾਂ ਨਾਲ ਛੂਹ ਗਿਆ
ਕਰੰਟ ਕੰਬਾਇਨ ਵਿੱਚ ਆਉਣ ਕਾਰਨ ਮੋਟਰਸਾਈਕਲ ਮਸ਼ੀਨ ਨਾਲ ਬੰਨ੍ਹ ਰਹੇ ਸੁਖਦੇ ਸਿੰਘ ਦਾ ਜ਼ਮੀਨ ਨਾਲ ਅਰਥ ਹੋਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਜਦਕਿ ਦਵਿੰਦਰ ਸਿੰਘ ਨੂੰ ਕਰੰਟ ਦਾ ਝਟਕਾ ਲੱਗਣ ਕਾਰਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਦੋਵਾਂ ਜਣਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸੁਖਦੇਵ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਦਵਿੰਦਰ ਸਿੰਘ ਇਲਾਜ ਅਧੀਨ ਹੈ। ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੀ ਉਡੀਕ ਕੀਤੀ ਜਾ ਰਹੀ ਹੈ ਵਾਰਸਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾਵੇਗੀ।