ਅਕਾਲੀ ਆਗੂ ਰਜਿੰਦਰ ਗੁਪਤਾ ‘ਤੇ ਕਾਂਗਰਸ ਸਰਕਾਰ ਮਿਹਰਬਾਨ

ਰਾਜਿੰਦਰ ਗੁਪਤਾ ਪੰਜਾਬ ਰਾਜ ਯੋਜਨਾਬੰਦੀ ਬੋਰਡ ਦੇ ਹਨ ਵਾਈਸ ਚੇਅਰਮੈਨ
ਅਿਕਾਲੀ ਸਰਕਾਰ ਬਣੇ ਲਗਭਗ ਬੋਰਡਾਂ ਦੇ ਚੇਅਰਮੈਨ ਦੇ ਚੁੱਕੇ ਹਨ ਆਪਣੇ ਅਸਤੀਫ਼ੇ

ਅਕਾਲੀ ਦਲ-ਭਾਜਪਾ ਦੀ ਸਰਕਾਰ ਵਿੱਚ ਆਪਣੀ ਪੂਰਾ ਰੋਹਬ ਰੱਖਣ ਵਾਲੇ ਉਦਯੋਗਪਤੀ ਰਜਿੰਦਰ ਗੁਪਤਾ ਦਾ ਦਬਦਬਾ ਇਸ ਕਾਂਗਰਸ ਸਰਕਾਰ ਵਿੱਚ ਵੀ ਕਾਇਮ ਹੈ, ਰਾਜਿੰਦਰ ਗੁਪਤਾ ਪਿਛਲੀ ਸਰਕਾਰ ਵੱਲੋਂ ਬਣਾਏ ਚੇਅਰਮੈਨ ਅਤੇ ਵਾਈਸ ਚੇਅਰਮੈਨ ਵਿੱਚੋਂ ਇੱਕ ਇਹੋ ਜਿਹੇ ਕੈਬਿਨਟ ਰੈਂਕ ਪ੍ਰਾਪਤ ਅਕਾਲੀ ਲੀਡਰ ਹਨ, ਜਿਨ੍ਹਾਂ ਨੇ ਹੁਣ ਤੱਕ ਨਾ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਸਰਕਾਰ ਨੇ ਉਨ੍ਹਾਂ ਤੋਂ ਅਸਤੀਫ਼ਾ ਲਿਆ ਹੈ।  ਹੈਰਾਨੀ ਵਾਲੀ
ਗੱਲ ਤਾਂ ਇਹ ਹੈ ਕਿ ਰਾਜਿੰਦਰ ਗੁਪਤਾ ਵੀ ਸੱਤਾ ਬਦਲਨ ਤੋਂ ਬਾਅਦ ਕਾਂਗਰਸ ਦੇ ਆਉਣ ‘ਤੇ ਵੀ ਆਪਣੇ ਦਫ਼ਤਰ ਤੋਂ ਗੈਰ ਹਾਜਰ ਨਹੀਂ ਰਹਿ ਰਹੇ ਹਨ ਸਗੋਂ ਹਫ਼ਤੇ ਵਿੱਚ ਦੋ ਤਿੰਨ ਦਿਨ ਆਪਣੇ ਦਫ਼ਤਰ ਵਿੱਚ ਵੀ ਹਾਜਰੀ ਲਗਾ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਮੁੱਖ ਉਦਯੋਗਪਤੀ ਆ ਵਿੱਚ ਸ਼ੁਮਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਾਜਿੰਦਰ ਗੁਪਤਾ ਨੂੰ ਸੁਖਬੀਰ ਬਾਦਲ ਵਲੋਂ ਕਹਿਣ ‘ਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਰਾਜ ਯੋਜਨਾਬੰਦੀ ਬੋਰਡ ਦਾ ਵਾਈਸ ਚੇਅਰਮੈਨ ਲਾਉਣ ਦੇ ਨਾਲ ਹੀ ਕੈਬਨਿਟ ਰੈਂਕ ਦਿੱਤਾ ਹੋਇਆ ਸੀ। ਹਾਲਾਂਕਿ ਸੁਖਬੀਰ ਬਾਦਲ ਰਾਜਿੰਦਰ ਗੁਪਤਾ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਖ਼ਿਲਾਫ਼ ਵੀ ਉਤਾਰਨਾ ਚਾਹੁੰਦੇ ਸਨ ਪਰ ਰਾਜਿੰਦਰ ਗੁਪਤਾ ਵਲੋਂ ਇਨਕਾਰ ਕਰਨ ਬਾਅਦ ਸੁਖਬੀਰ ਬਾਦਲ ਨੇ ਰਾਜਿੰਦਰ ਗੁਪਤਾ ਦੀ ਸਲਾਹ ‘ਤੇ ਹੀ ਸੁਰਿੰਦਪਾਲ ਸਿੰਘ ਸੀਬੀਆ ਨੂੰ ਬਰਨਾਲਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾ ਦਿੱਤਾ ਸੀ।
ਰਾਜਿੰਦਰ ਗੁਪਤਾ ਦੀ ਸੁਖ਼ਬੀਰ ਬਾਦਲ ਨਾਲ ਇਸ ਕਦਰ ਦੋਸਤਾਨਾ ਰਿਸ਼ਤਾ ਹੋਣ ਦੇ ਬਾਵਜੂਦ ਉਹ ਇੱਕ ਇਹੋ ਜਿਹੇ ਰਾਜਨੀਤਕ ਲੀਡਰ ਹਨ, ਜਿਹੜੇ ਕਿ ਸੱਤਾ ਵਿੱਚ ਫੇਰ ਬਦਲ ਹੋਣ ਦੇ ਬਾਵਜੂਦ ਆਪਣੀ ਕੁਰਸੀ ‘ਤੇ ਕਾਇਮ ਹਨ ਅਤੇ ਬਤੌਰ ਵਾਇਸ ਚੇਅਰਮੈਨ ਅਤੇ ਕੈਬਨਿਟ ਰੈਂਕ ਅਨੁਸਾਰ ਹੀ ਪੰਜਾਬ ਸਰਕਾਰ ਤੋਂ ਸਹੂਲਤਾਂ ਲੈ ਰਹੇ ਹਨ।
ਇਸ ਸਬੰਧੀ ਰਾਜਿੰਦਰ ਗੁਪਤਾ ਨਾਲ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਗਈ ਪਰ ਉਨਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਮੈਂ ਤਾਂ 22 ਮਾਰਚ ਨੂੰ ਹੀ ਦੇ ਦਿੱਤਾ ਸੀ ਅਸਤੀਫ਼ਾ : ਪ੍ਰੋ ਰਜਿੰਦਰ ਭੰਡਾਰੀ
ਰਾਜਿੰਦਰ ਗੁਪਤਾ ਦੇ ਨਾਲ ਹੀ ਪੰਜਾਬ ਰਾਜ ਯੋਜਨਾਬੰਦੀ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ ਰਾਜਿੰਦਰ ਭੰਡਾਰੀ ਨੇ ਦੱਸਿਆ ਕਿ ਉਨਾਂ ਨੇ ਤਾਂ ਕਾਂਗਰਸ ਦੀ ਸਰਕਾਰ ਆਉਣ ‘ਤੇ 22 ਮਾਰਚ ਨੂੰ ਹੀ ਆਪਣਾ ਅਸਤੀਫ਼ੇ ਦੇ ਦਿੱਤਾ ਸੀ, ਇਸ ਲਈ ਉਨ੍ਹਾਂ ਕੋਲ ਨਾ ਹੀ ਕੈਬਿਨਟ ਰੈਂਕ ਹੈ ਅਤੇ ਨਾ ਹੀ ਉਹ ਯੋਜਨਾਬੰਦੀ ਦੇ ਹੁਣ ਵਾਇਸ ਪ੍ਰਧਾਨ ਹਨ, ਜਦੋਂ ਕਿ ਰਾਜਿੰਦਰ ਗੁਪਤਾ ਇਸ ਸਮੇਂ ਵੀ ਵਾਈਸ ਚੇਅਰਮ੍ਰੈਨ ਦੇ ਅਹੁਦੇ ‘ਤੇ ਕਾਇਮ ਹਨ ਅਤੇ ਉਨਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਰਜਿੰਦਰ ਗੁਪਤਾ ਨੇ ਅਸਤੀਫ਼ਾ ਕਿਉਂ ਨਹੀਂ ਦਿੱਤਾ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।